ਫਤਿਹਗੜ ਚੂੜੀਆਂ ਮੱਛੀ ਮੰਡੀ ਸਰਕੂਲਰ ਰੋਡ ਤੇ ਸਥਿਤ ਮੈਕਡਾਵੱਲ ਕੈਫੇ ਸੜ ਕੇ ਹੋਇਆ ਸਵਾਹ, ਜਦਕਿ ਇਸ ਸਬੰਧੀ ਦੁਕਾਨ ਦੇ ਮਾਲਕ ਨੌਜਵਾਨ ਇੰਦਰਜੀਤ ਉਰਫ ਲਵ ਨੇ ਦੋਸ਼ ਲਗਾਇਆ ਹੈ ਕਿ ਕੁਝ ਨੌਜਵਾਨਾਂ ਵੱਲੋਂ ਉਸ ਦਾ ਕੈਫੇ ਜਾਣ ਬੁਝ ਕੇ ਸਾੜਿਆ ਗਿਆ ਹੈ ਜੇਕਰ ਪੁਲਿਸ ਕੁਝ ਦਿਨ ਪਹਿਲਾਂ ਉਹਨਾਂ ਦੀਆਂ ਸ਼ਿਕਾਇਤ ਗੌਰ ਕਰਕੇ ਕਥਤ ਦੋਸ਼ੀਆਂ ਖਿਲਾਫ ਕਾਰਵਾਈ ਕਰਦੀ ਤਾਂ ਉਹਨਾਂ ਦਾ ਕੈਫੇ ਸੜਨ ਤੋਂ ਬਚ ਸਕਦਾ ਸੀ। ਉੱਥੇ ਹੀ ਸਬ ਇੰਸਪੈਕਟਰ ਪਲਵਿੰਦਰ ਸਿੰਘ ਨੇ ਵੀ ਮੰਨਿਆ ਕਿ ਮੌਕਾ ਵੇਖਣ ਤੇ ਸਾਫ ਜਾਹਰ ਹੁੰਦਾ ਹੈ ਕਿ ਕੈਫੇ ਵਿੱਚ ਇੱਕ ਇੱਕ ਚੀਜ਼ ਨੂੰ ਜਾਣ ਬੁਝ ਕੇ ਅੱਗ ਲਗਾਈ ਗਈ ਹੈ । ਕੈਫੇ ਮਾਲਕ ਨੂੰ ਜਿਨਾਂ ਨੌਜਵਾਨਾਂ ਤੇ ਸ਼ੱਕ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਕੈਫੇ ਮਾਲਕ ਇੰਦਰਜੀਤ ਉਰਫ ਲਵ ਨੇ ਦੁੱਖੀ ਹਿਰਦੇ ਨਾਲ ਦੱਸਿਆ ਕਿ ਬੀਤੀ ਰਾਤ ਉਹ ਆਪਣਾ ਕੈਫੇ ਸਹੀ ਸਲਾਮਤ ਬੰਦ ਕਰਕੇ ਗਿਆ ਸੀ ਪਰ ਅੱਜ ਜੱਦੋ ਸਵੇਰੇ ਰੋਜ ਦੀ ਤਰਾਂ ਕੈਫੇ ਦਾ ਸ਼ਟਰ ਖੋਲਿਆ ਉਨਾਂ ਦਾ ਸਾਰਾ ਕੈਫੇ ਸੜ ਕੇ ਸਵਾਹ ਹੋ ਚੁੱਕਾ ਸੀ। ਇੰਦਰਜੀਤ ਲਵ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਦੇ ਕੈਫੇ ਉਪਰ 3 ਨੌਜਵਾਨ ਆਏ ਸਨ ਜਿੰਨਾਂ ਨੇ ਖਾਣ ਪੀਣ ਤੋਂ ਬਾਅਦ ਪੈਸੇ ਦੇਣ ਦੀ ਬਜਾਏ ਹੁਲੜਬਾਜੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕੈਫੇ ਤੇ ਕੰਮ ਕਰ ਰਹੀ ਲੜਕੀ ਨਾਲ ਬਦਸਲੂਕੀ ਵੀ ਕੀਤੀ ਗਈ । ਇਹੋ ਨਹੀਂ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਇੱਕ ਲੜਕੇ ਦੇ ਸਿਰ ਵਿਚ ਸਟਾਂ ਵੀ ਮਾਰੀਆਂ ਗਈਆਂ ਜਿਸ ਨੂੰ ਲੈ ਕੇ 2 ਵੱਖ ਵੱਖ ਦਰਖਾਸਤਾਂ ਥਾਣਾ ਫਤਿਹਗੜ ਚੂੜੀਆਂ ਵਿਖੇ ਦਿੱਤੀਆਂ ਗਈਆਂ ਸਨ ਅਤੇ ਉਹ ਵਾਰ ਵਾਰ ਥਾਣੇ ਜਾਂਦੇ ਰਹੇ ਪਰ ਕਿਸੇ ਨੇ ਵੀ ਉਨਾਂ ਦੀ ਸੁਣਵਾਈ ਨਹੀਂ ਕੀਤੀ।ਇਸ ਦੇ ਚਲਦਿਆਂ ਹੀ ਉਹ ਹੁਲੜਬਾਜ ਉਸ ਨੂੰ ਕਈ ਤਰਾਂ ਦੀਆਂ ਧਮਕੀਆਂ ਦੇ ਰਹੇ ਸਨ। ਇੰਦਰਜੀਤ ਲਵ ਨੇ ਦੋਸ਼ ਲਗਾਇਆ ਕਿ ਉਨਾਂ ਵੱਲੋਂ ਹੀ ਬੀਤੀ ਰਾਤ ਉਸ ਦੀ ਦੁਕਾਨ ਅੱਗ ਲਗਾ ਕੇ ਸਾੜੀ ਗਈ ਹੈ। ਪੀੜਤ ਨੌਜਵਾਨ ਨੇ ਦੱਸਿਆ ਕਿ ਸੱਜਣਾ ਮਿੱਤਰਾ ਕੋਲੋਂ ਪੈਸੇ ਉਧਾਰ ਲੈ ਕੇ ਉਸਨੇ ਕੈਫੇ ਸ਼ੁਰੂ ਕੀਤਾ ਸੀ ਅਤੇ ਉਸਦਾ ਸਾਰਾ ਕੁਝ ਤਬਾਹ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜੱਦ ਘਟਨਾ ਸਥਾਨ ਤੇ ਸਬ ਇੰਸਪੈਕਟਰ ਪਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਇੰਨਾਂ ਦੀਆਂ ਦਰਖਾਸਤਾਂ ਆਈਆਂ ਸਨ ਉਨਾਂ ਨੌਜਵਾਨਾਂ ਦੇ ਘਰ ਰੇਡਾਂ ਵੀ ਮਾਰੀਆਂ ਸਨ ਪਰ ਘਰ ਨਹੀਂ ਸਨ । ਉਨਾਂ ਨੇ ਕਿਹਾ ਕਿ ਇਹ ਜੋ ਕੈਫੇ ਸੜਿਆ ਹੈ ਇਸ ਤੋਂ ਲੱਗ ਰਿਹਾ ਹੈ ਕਿ ਇਸ ਨੂੰ ਯੋਜਨਾਬੰਦ ਤਰੀਕੇ ਨਾਲ ਸਾੜਿਆ ਗਿਆ ਹੈ
ਰਿਪੋਰਟਰ ਲਵਪ੍ਰੀਤ ਸਿੰਘ ਖੁਸ਼ੀ ਪੁਰ