ਐਡੀਲੇਡ | Indooz Australia
ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਦੇ ਉੱਤਰੀ ਇਲਾਕੇ ਵਰਜੀਨੀਆ ਵਿੱਚ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਐਤਵਾਰ ਦੇਰ ਰਾਤ ਲੱਗੀ ਭਿਆਨਕ ਅੱਗ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਸ ਦਰਦਨਾਕ ਘਟਨਾ ਨੇ ਸਥਾਨਕ ਸਿੱਖ ਭਾਈਚਾਰੇ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।
ਜਾਣਕਾਰੀ ਅਨੁਸਾਰ, ਰਾਤ ਕਰੀਬ 10 ਵਜੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਕੁਝ ਹੀ ਸਮੇਂ ਵਿੱਚ ਅੱਗ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੌਰਾਨ ਕਈ ਧਮਾਕਿਆਂ ਦੀਆਂ ਆਵਾਜ਼ਾਂ ਵੀ ਸੁਣੀਆਂ ਗਈਆਂ ਅਤੇ ਦੇਖਦੇ ਹੀ ਦੇਖਦੇ ਗੁਰਦੁਆਰੇ ਦੀ ਇਮਾਰਤ ਢਹਿ ਗਈ।
ਮੌਕੇ ‘ਤੇ Metropolitan Fire Service (MFS) ਅਤੇ Country Fire Service (CFS) ਦੇ ਕਰੀਬ 60 ਫਾਇਰਫਾਈਟਰਾਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਉਨ੍ਹਾਂ ਦੀ ਤੁਰੰਤ ਕਾਰਵਾਈ ਕਾਰਨ ਅੱਗ ਨੂੰ ਨੇੜਲੇ ਘਰਾਂ ਅਤੇ ਇਮਾਰਤਾਂ ਤੱਕ ਫੈਲਣ ਤੋਂ ਰੋਕਿਆ ਗਿਆ।
ਇਹ ਗੁਰਦੁਆਰਾ ਆਪਣੀ ਨਿਸ਼ਕਾਮ ਲੰਗਰ ਸੇਵਾ ਲਈ ਪੂਰੇ ਇਲਾਕੇ ਵਿੱਚ ਮਸ਼ਹੂਰ ਸੀ। ਇੱਥੇ ਹਰ ਰੋਜ਼ ਸੈਂਕੜਿਆਂ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਮੁਫ਼ਤ ਭੋਜਨ ਪਰੋਸਿਆ ਜਾਂਦਾ ਸੀ ਅਤੇ ਕਈ ਸਮਾਜ ਸੇਵਾ ਪ੍ਰੋਗਰਾਮ ਵੀ ਚਲਾਏ ਜਾਂਦੇ ਸਨ।
ਅੱਗ ਕਾਰਨ ਫੈਲੇ ਸੰਘਣੇ ਧੂੰਏਂ ਨੂੰ ਦੇਖਦਿਆਂ ਅਧਿਕਾਰੀਆਂ ਵੱਲੋਂ Virginia Township, Old Port Wakefield Road, Sheedy Road, Port Wakefield Highway, Juniper Boulevard ਅਤੇ Penfield Road ਦੇ ਇਲਾਕਿਆਂ ਲਈ ਧੂੰਏਂ ਸਬੰਧੀ ਚੇਤਾਵਨੀ ਵੀ ਜਾਰੀ ਕੀਤੀ ਗਈ।
ਰਾਹਤ ਦੀ ਗੱਲ ਇਹ ਹੈ ਕਿ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ, ਪਰ ਗੁਰਦੁਆਰੇ ਦੇ ਪੂਰੀ ਤਰ੍ਹਾਂ ਤਬਾਹ ਹੋਣ ਨਾਲ ਸਿੱਖ ਭਾਈਚਾਰੇ ਵਿੱਚ ਡੂੰਘਾ ਦੁੱਖ ਅਤੇ ਮਾਯੂਸੀ ਹੈ।
ਪੁਲਿਸ ਨੇ ਇਸ ਅੱਗ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲੇ ਤੱਕ ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ।
ਸਿੱਖ ਭਾਈਚਾਰੇ ਅਤੇ ਸਥਾਨਕ ਲੋਕਾਂ ਨੇ ਇਸ ਘਟਨਾ ‘ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਗੁਰਦੁਆਰੇ ਦੇ ਮੁੜ ਨਿਰਮਾਣ ਲਈ ਇੱਕਜੁੱਟ ਹੋਣ ਦੀ ਗੱਲ ਕਹੀ ਹੈ।
ਇਸ ਮਾਮਲੇ ਨਾਲ ਜੁੜੀ ਹਰ ਤਾਜ਼ਾ ਅਪਡੇਟ ਲਈ ਜੁੜੇ ਰਹੋ Indooz Australia ਨਾਲ।