ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਦਾਅਵੇ ਮੁਤਾਬਕ ਉਹ ਪੱਤਰ ਵਿਖਾਉਣਗੇ ਜਿਹੜੇ ਉਹਨਾਂ ਮੁਤਾਬਕ ਐਮਰਜੰਸੀ ਵੇਲੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜੇਲ੍ਹ ਵਿਚ ਹੁੰਦਿਆਂ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਵਾਸਤੇ ਕੇਂਦਰ ਸਰਕਾਰ ਨੂੰ ਲਿਖਿਆ ਸਨ ਜਾਂ ਫਿਰ ਉਹ ਤੁਰੰਤ ਮੁਆਫੀ ਮੰਗਣ। ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਭਗਵੰਤ ਮਾਨ ਨੇ ਲੁਧਿਆਣਾ ਵਿਚ ਐਸ ਵਾਈ ਐਲ ਤੇ ਹੋਰ ਮੁੱਦਿਆਂ ’ਤੇ ਆਪਣੀ ਅਖੌਤੀ ਬਹਿਸ ਦੌਰਾਨ ਮੁੱਖ ਮੰਤਰੀ ਹੁੰਦਿਆਂ ਝੂਠ ਬੋਲੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਜਾਂ ਤਾਂ ਆਪਣੇ ਦਾਅਵੇ ਮੁਤਾਬਕ ਸਬੂਤ ਦੇਵੇ ਜਾਂ ਫਿਰ ਸਾਬਕਾ ਮੁੱਖ ਮੰਤਰੀ ਦਾ ਅਕਸ ਖਰਾਬ ਕਰਨ ਲਈ ਤੁਰੰਤ ਮੁਆਫੀ ਮੰਗਣ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਮੁੱਖ ਮੰਤਰੀ ਨੇ ਕੱਲ੍ਹ ਝੂਠ ਬੋਲਿਆ। ਭਗਵੰਤ ਮਾਨ ਨੇ ਪਹਿਲਾਂ ਵੀ ਦਾਅਵਾ ਕੀਤਾ ਸੀ ਕਿ ਸਰਦਾਰ ਬਾਦਲ ਨੇ ਹਰਿਆਣਾ ਨਾਲ ਇਕ ਗੁਪਤ ਸਮਝੌਤਾ ਕੀਤਾ ਜਿਸ ਤਹਿਤ ਉਹਨਾਂ ਬੀ.ਐਮ.ਐਲ ਨਹਿਰ ਨੂੰ ਉੱਚਾ ਕੀਤਾ ਜਿਸਦੇ ਬਦਲੇ ਵਿਚ ਹਰਿਆਣਾ ਵਿਚ ਬਾਲਾਸਰ ਪਿੰਡ ਵਿਚ ਉਹਨਾਂ ਦੇ ਖੇਤਾਂ ਤੱਕ ਨਹਿਰ ਬਣਾਈ ਗਈ। ਅਕਾਲੀ ਆਗੂ ਨੇ ਕਿਹਾ ਕਿ ਇਹ ਦਾਅਵਾ ਸੱਚਾਈ ਤੋਂ ਕੋਹਾਂ ਦੂਰ ਹੈ। ਉਹਨਾਂ ਕਿਹਾ ਕਿ ਬਾਣੀ ਨਹਿਰ ਜੋ ਬਾਲਾਸਰ ਤੇ ਹੋਰ ਇਲਾਕਿਆਂ ਵਿਚ ਪਾਣੀ ਲੈ ਕੇ ਜਾਂਦੀ ਹੈ, ਉਹ ਬੀ.ਐਮ.ਐਲ ਸਿੰਜਾਈ ਪ੍ਰਣਾਲੀ ਦਾ ਹਿੱਸਾ ਹੈ ਅਤੇ ਇਹ 1955 ਵਿਚ ਬਣਾਈ ਗਈ ਸੀ ਜਦੋਂ ਕਿ ਬੀ.ਐਮ.ਐਲ ਨਹਿਰ ਨੂੰ 1998 ਵਿਚ ਉੱਚਾ ਕੀਤਾ ਗਿਆ।