ਆਸਟ੍ਰੇਲੀਆ (ਪਰਥ ਬਿਊਰੋ) : ਜਗਦੀਪ ਸਿੰਘ ਸਿਟੀ ਆਫ ਸਵੈਨ ਤੋਂ ਪਹਿਲੇ ਦਸਤਾਰਧਾਰੀ ਕੌਂਸਲਰ ਵਜੋਂ ਸੇਵਾ ਨਿਭਾਅ ਰਹੇ ਹਨ। ਸ਼ੁਰੂ ਤੋਂ ਹੀ ਉਹ ਵਿਆਪਕ ਭਾਈਚਾਰੇ ਦੀ ਬਿਹਤਰੀ ਲਈ ਅਣਥੱਕ ਕੰਮ ਕਰ ਰਹੇ ਹਨ । ਸਿਟੀ ਆਫ ਸਵੈਨ ਦੇ ਮੇਅਰ ਅਹੁਦੇ ਲਈ ਚੋਣ ਲੜ ਰਹੇ ਹਨ। ਬੀਤੇ ਦਿਨੀ ਮੀਟ ਐਂਡ ਗ੍ਰੀਟ ਪ੍ਰੋਗਰਾਮ ‘ਚ ਉਹਨਾਂ ਦੇ ਸਮਰਥਨ ‘ਚ ਵੱਡੇ ਪੱਧਰ ‘ਤੇ ਇਲਾਕਾ ਵਾਸੀਆਂ ਨੇ ਹਿੱਸਾ ਲਿਆ ਤੇ ਉਹਨਾਂ ਦੀ ਕਾਰਜਗੁਜਾਰੀ ਨੂੰ ਦੇਖਦੇ ਹੋਏ ਸਾਰਿਆਂ ਨੇ ਉਹਨਾਂ ਦੀ ਮੇਅਰ ਦੀ ਚੋਣ ‘ਚ ਜਿੱਤ ਤੇ ਮੋਹਰ ਲਾਈ। ਇਸ ਮੌਕੇ ਜਗਦੀਪ ਸਿੰਘ ਨੇ ਪਿਛਲੀਆਂ ਚੋਣਾਂ ਵਿੱਚ ਸਾਰੇ ਭਾਈਚਾਰੇ ਦੇ ਸਮਰਥਨ ਦੀ ਦਿਲੋਂ ਸ਼ਲਾਘਾ ਕਰਦੇ ਹੋਏ ਕਿਹਾ ਕਿ ‘‘ਮੈਨੂੰ ਯਕੀਨ ਹੈ ਕਿ ਇਸ ਨਵੀਂ ਯਾਤਰਾ ਲਈ ਸਾਰਾ ਭਾਈਚਾਰਾ ਦੁਬਾਰਾ ਮੇਰੇ ਨਾਲ ਖੜ੍ਹਾ ਹੋਵੇਗਾ।
ਉਹਨਾਂ ਕਿਹਾ ਕਿ ਮੈਂ ਸਾਡੇ ਸਿਟੀ ਆਫ਼ ਸਵੈਨ ਦੀ ਤਰੱਕੀ ਲਈ ਨਵੇਂ ਵਿਚਾਰ, ਨਵੀਨਤਾ ਅਤੇ ਸਮਰਪਣ ਲਿਆਉਣ ਲਈ ਸਫਲ ਲੀਡਰਸ਼ਿਪ ਦੇ ਰਿਕਾਰਡ ਦੇ ਨਾਲ ਕਮਿਊਨਿਟੀ ਦੀ ਡੂੰਘੀ ਵਚਨਬੱਧਤਾ ਨਾਲ ਜੁੜਿਆ ਹੋਇਆ ਹਾਂ।’ ਸਾਰੀਆਂ ਕਮਿਉਨੀਟੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਇਨ੍ਹਾਂ ਦੀ ਮੁੱਖ ਭੂਮਿਕਾ ਰਹੀ ਹੈ। ਉਹ ਹਰ ਸਮੇਂ ਲੋਕਾਂ ਦੀ ਸੇਵਾ ’ਚ ਤੱਤਪਰ ਰਹਿੰਦੇ। ਇਸ ਮੌਕੇ ਸੀਨੀਅਰ ਸਿਟੀਜਨ ਦਰਸ਼ਨ ਸਿੰਘ ਨੇ ਕਿਹਾ ਕਿ ਜਗਦੀਪ ਸਿੰਘ ਨੇ ਪਹਿਲੇ ਦਸਤਾਰਧਾਰੀ ਵੱਜੋਂ ਕੌਂਸਲਰ ਦੀ ਸੇਵਾਵਾਂ ਨਿਭਾਉਣ ਕਾਰਨ ਉਨ੍ਹਾਂ ਨੇ ਸਿੱਖ ਕੌਮ ਦਾ ਨਾਂ ਉੱਚਾ ਕੀਤਾ ਹੈ। ਅਸੀਂ ਸਾਰੇ ਜਗਦੀਪ ਸਿੰਘ ਦੇ ਨਾਲ ਖੜੇ ਹਾਂ। ਰਾਜਨਿਤਕ,ਸਮਾਜਿਕ ਅਤੇ ਧਾਰਮਿਕ ਕਾਰਜਾਂ ’ਚ ਉਨ੍ਹਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਅੰਤ ‘ਚ ਜਗਦੀਪ ਸਿੰਘ ਸੰਧੂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਚੌਣਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਤੇ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰਨ ਅਤੇ ਮੇਰੀ ਜਿੱਤ ਨੂੰ ਯਕੀਨੀ ਬਨਾਉਣ।