ਕੈਨੇਡਾ ‘ਚ ਮਾਰੇ ਗਏ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਹੁਣ ਵਿਦੇਸ਼ ‘ਚ ਬੈਠੇ ਸਿੱਖ ਫਾਰ ਜਸਟਿਸ ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ‘ਤੇ ਹਮਲਾ ਕੀਤਾ ਜਾਣਾ ਸੀ। ਜਿਸ ਨੂੰ ਅਮਰੀਕਾ ਨੇ ਨਾਕਾਮ ਕਰ ਦਿੱਤਾ ਹੈ। ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਪਲਾਨਿੰਗ ਕੀਤੀ ਜਾ ਰਹੀ ਸੀ। ਇਸ ਦਾ ਦਾਅਵਾ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ‘ਚ ਕੀਤਾ ਗਿਆ ਹੈ। ਇਸ ਤੋਂ ਬਾਅਦ ਅਮਰੀਕਾ ਨੇ ਭਾਰਤ ਸਰਕਾਰ ‘ਤੇ ਇਸ ਸਾਜਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਵੀ ਲਗਾਏ ਹਨ। ਅਤੇ ਕੂਟਨੀਤੀਕ ਚਿਤਾਵਨੀ ਵੀ ਭਾਰਤ ਨੂੰ ਦੇ ਦਿੱਤੀ ਗਈ ਹੈ।
ਆਓ ਜਾਣਦੇ ਹਾਂ ਕੌਣ ਹੈ ਗੁਰਪਤਵੰਤ ਸਿੰਘ ਪੰਨੂ
ਗੁਰਪਤਵੰਤ ਪੰਨੂ ਪਿਛੋਕੜ ਤੋਂ ਪੰਜਾਬ ਤੇ ਹੁਣ ਇੱਕ ਕੈਨੇਡੀਅਨ ਤੇ ਅਮਰੀਕੀ ਨਾਗਰਿਕ ਹੈ ਜੋ ਸਿੱਖਸ ਫਾਰ ਜਸਟਿਸ ਦੇ ਜਨਰਲ ਵਕੀਲ ਵਜੋਂ ਕੰਮ ਕਰਦਾ ਹੈ। ਖਾਲਿਸਤਾਨ ਪੱਖੀ ਵਕੀਲ ਇੱਕ ਵੱਖਰੇ ਸਿੱਖ ਰਾਜ ਦੀ ਮੰਗ ਕਰਨ ਵਾਲੇ ਗ਼ੈਰ-ਬੰਧਿਤ ਰਾਏਸ਼ੁਮਾਰੀ (referendums) ਦਾ ਇੱਕ ਮੁੱਖ ਪ੍ਰਬੰਧਕ ਰਿਹਾ ਹੈ – ਜੋ ਕਿ ਕੈਨੇਡਾ, ਯੂਕੇ ਅਤੇ ਆਸਟ੍ਰੇਲੀਆ ਵਰਗੇ ਵੱਡੇ ਭਾਰਤੀ ਪ੍ਰਵਾਸੀਆਂ ਵਾਲੇ ਦੇਸ਼ਾਂ ਵਿੱਚ ਆਯੋਜਿਤ ਕੀਤਾ ਗਿਆ ਹੈ। ਪੰਨੂ ਦਾ ਕਹਿਣਾ ਹੈ ਕਿ ਭਾਰਤ ਰਾਏਸ਼ੁਮਾਰੀ ਮੁਹਿੰਮ ਚਲਾਉਣ ਲਈ ਮੈਨੂੰ ਮਾਰਨਾ ਚਾਹੁੰਦਾ ਹੈ।
ਮਾਝੇ ਵਿੱਚ ਹੋਇਆ ਸੀ ਪੰਨੂ ਦਾ ਜਨਮ
ਪੰਨੂ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਾਨਕੋਟ ਵਿੱਚ ਹੋਇਆ ਸੀ ਤੇ ਉਹ ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦੇ ਸਾਬਕਾ ਅਧਿਕਾਰੀ ਮਹਿੰਦਰ ਸਿੰਘ ਦਾ ਪੁੱਤਰ ਹੈ। ਮੰਨਿਆ ਜਾਂਦਾ ਹੈ ਕਿ ਉਹ 1990 ਦੇ ਦਹਾਕੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਇਆ ਸੀ ਅਤੇ ਉਸਨੇ 2007 ਵਿੱਚ SFJ ਦੀ ਸਥਾਪਨਾ ਕੀਤੀ ਸੀ। ਨਿਊਯਾਰਕ-ਅਧਾਰਤ ਸੰਗਠਨ ਭਾਰਤ ਵਿੱਚੋਂ ਖਾਲਿਸਤਾਨ ਨਾਮਕ ਇੱਕ ਆਜ਼ਾਦ ਸਿੱਖ ਰਾਜ ਦੀ ਵਕਾਲਤ ਕਰਦਾ ਹੈ।
ਕੀ ਕੰਮ ਕਰਦੀ ਹੈ ਸਿੱਖਸ ਫਾਰ ਜਸਟਿਸ
ਸਿੱਖਸ ਫਾਰ ਜਸਟਿਸ ਸੰਸਥਾ 2007 ਵਿੱਚ ਬਣਾਈ ਗਈ ਸੀ ਅਤੇ ਸਿੱਖਾਂ ਲਈ ਇੱਕ ਪ੍ਰਭੂਸੱਤਾ ਸੰਪੰਨ ਰਾਜ ਸਥਾਪਤ ਕਰਨ ਲਈ ਲੜਨ ਦਾ ਦਾਅਵਾ ਕਰਦੀ ਹੈ ਜੋ ਭਾਰਤ ਤੋਂ ਵੱਖ ਕੀਤਾ ਜਾਵੇਗਾ। ਸੰਗਠਨ ਨੇ ਆਪਣੀ ਵੈੱਬਸਾਈਟ ‘ਤੇ ਕਿਹਾ, “ਸਿੱਖਸ ਫਾਰ ਜਸਟਿਸ ਦੀ ਸਥਾਪਨਾ ਭਾਰਤ ਦੇ ਕਬਜ਼ੇ ਵਾਲੇ ਪੰਜਾਬ ਦੇ ਖੇਤਰ ਵਿੱਚ ਸਿੱਖ ਲੋਕਾਂ ਲਈ ਉਹਨਾਂ ਦੇ ਇਤਿਹਾਸਕ ਵਤਨ ਵਿੱਚ ਸਵੈ-ਨਿਰਣੇ ਦੀ ਪ੍ਰਾਪਤੀ ਅਤੇ ਇੱਕ ਪ੍ਰਭੂਸੱਤਾ ਸੰਪੰਨ ਰਾਜ ਦੀ ਸਥਾਪਨਾ ਦੇ ਸਪੱਸ਼ਟ ਇਰਾਦੇ ਨਾਲ ਕੀਤੀ ਗਈ ਸੀ, ਜਿਸ ਨੂੰ ਖਾਲਿਸਤਾਨ ਵਜੋਂ ਜਾਣਿਆ ਜਾਂਦਾ ਹੈ।
ਭਾਰਤ ਸਰਕਾਰ ਨੇ ਗਰਦਾਨਿਆਂ ਹੈ ਅੱਤਵਾਦੀ
ਭਾਰਤ ਸਰਕਾਰ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ(UAPA) ਦੇ ਤਹਿਤ 2019 ਵਿੱਚ SFJ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਲਈ ਪਾਬੰਦੀ ਲਗਾ ਦਿੱਤੀ ਸੀ। ਇੱਕ ਸਾਲ ਬਾਅਦ ਪੰਨੂ ਨੂੰ ਵੱਖਵਾਦ ਨੂੰ ਉਤਸ਼ਾਹਿਤ ਕਰਨ ਅਤੇ ਕਥਿਤ ਤੌਰ ‘ਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਤਸ਼ਾਹਿਤ ਕਰਨ ਲਈ ਯੂ.ਏ.ਪੀ.ਏ. ਦੇ ਤਹਿਤ ਇੱਕ “ਵਿਅਕਤੀਗਤ ਅੱਤਵਾਦੀ” ਘੋਸ਼ਿਤ ਕੀਤਾ ਗਿਆ ਸੀ।
NIA ਨੇ ਪੰਨੂ ਦਾ ਜਾਇਦਾਦ ਕੀਤੀ ਹੈ ਜ਼ਬਤ
ਦੱਸ ਦਈਏ ਕਿ ਚੰਡੀਗੜ੍ਹ ‘ਚ NIA ਨੇ ਖਾਲਿਸਤਾਨੀ ਗੁਰਪਤਵੰਤ ਪੰਨੂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਸੈਕਟਰ 15 ਸਥਿਤ ਘਰ ਨੂੰ ਜ਼ਬਤ ਕਰ ਲਿਆ ਹੈ। ਗੁਰਪਤਵੰਤ ਪੰਨੂ ਕੋਲ ਚੰਡੀਗੜ੍ਹ ਵਿੱਚ ਇੱਕ ਚੌਥਾਈ ਹਿੱਸੇ ਦਾ ਮਕਾਨ ਹੈ ਜਿਸ ਨੂੰ ਐਨਆਈਏ ਨੇ ਜ਼ਬਤ ਕਰ ਲਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਵਿੱਚ ਗੁਰਪਤਵੰਤ ਪਨੂੰ ਦੀ 46 ਕਨਾਲ ਵਾਹੀਯੋਗ ਜ਼ਮੀਨ ਜ਼ਬਤ ਕੀਤੀ ਗਈ।
ਮੁੜ ਕਿਉਂ ਚਰਚਾ ਵਿੱਚ ਆਇਆ ਗੁਰਪਤਵੰਤ ਪੰਨੂ
ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ ਅਮਰੀਕੀ ਅਧਿਕਾਰੀਆਂ ਨੇ ਅਮਰੀਕੀ ਧਰਤੀ ‘ਤੇ ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਕਥਿਤ ਤੌਰ ‘ਤੇ ਇਹ ਸਾਜ਼ਿਸ਼ ਭਾਰਤ ਵੱਲੋਂ ਰਚੀ ਜਾ ਰਹੀ ਸੀ ਅਤੇ ਇਸ ਰਾਹੀਂ ਗੁਰਪਤਵੰਤ ਸਿੰਘ ਪੰਨੂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਇੱਕ ਕਥਿਤ ਦੋਸ਼ੀ ਖ਼ਿਲਾਫ਼ ਨਿਊਯਾਰਕ ਜ਼ਿਲ੍ਹਾ ਅਦਾਲਤ ਵਿੱਚ ਸੀਲਬੰਦ ਕੇਸ ਦਾਇਰ ਕੀਤਾ ਗਿਆ ਹੈ। ਪਰ ਦੋਸ਼ੀ ਕੌਣ ਹੈ ਅਤੇ ਕੀ ਇਲਜ਼ਾਮ ਹਨ ਇਹ ਤਾਂ ਲਿਫਾਫਾ ਖੁੱਲ੍ਹਣ ‘ਤੇ ਹੀ ਪਤਾ ਲੱਗੇਗਾ।