ਅੰਮ੍ਰਿਤਸਰ: ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਜਾ ਰਹੀ ਹੈ, ਜਿਸ ਵਿੱਚ ਨਿਹੰਗ ਬਾਣੇ ‘ਚ ਇੱਕ ਨਾਬਾਲਗ ਵੱਲੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਸਾਹਮਣੇ ਖੜੇ ਹੋ ਕੇ ਗੋਲੀਬਾਰੀ ਕੀਤੀ ਗਈ। ਵਾਇਰਲ ਹੋ ਰਹੀ ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਨਾਬਾਲਗ ਵੱਲੋਂ ਸ਼ਹਿਰ ਦੇ ਪ੍ਰਵੇਸ਼ ਦੁਆਰ ‘ਤੇ ਬਣੇ ਸੁਨਹਿਰੀ ਗੇਟ ਦੇ ਸਾਹਮਣੇ ਖੜੇ ਹੋ ਕੇ ਇੱਕ ਰਾਊਂਡ ਫ਼ਾਇਰ ਕੀਤਾ ਗਿਆ। ਦੱਸਣਯੋਗ ਹੈ ਕਿ ਹੁਣ ਇਸ ਮਾਮਲੇ ‘ਚ ਅੰਮ੍ਰਿਤਸਰ ਪੁਲਿਸ ਵੱਲੋਂ ਨਾਬਾਲਗ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਨਿਹੰਗ ਬਾਣੇ ‘ਚ ਇਸ ਨਾਬਾਲਗ ਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿਖੇ ਲਗਾਏ ਗਏ ਕੌਮੀ ਇਨਸਾਫ਼ ਮੋਰਚੇ ਦੌਰਾਨ ਪੁਲਿਸ ਨਾਲ ਝੜਪ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ। ਉਸ ਵੇਲੇ ਨਾਬਾਲਗ ਨੇ ਸੁਰੱਖਿਆ ਕਰਮੀ ਦੀ ਜੈਕਟ ਖੋਹ ਲਈ ਸੀ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਨਾਬਾਲਗ ਨਿਹੰਗ ਪਿਛਲੇ ਦਿਨੀਂ ਮੋਹਾਲੀ ਇਨਸਾਫ਼ ਮੋਰਚੇ ਵਿੱਚ ਨਿਹੰਗਾਂ ਅਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ ਤੋਂ ਬਾਅਦ ਕਾਫੀ ਮਸ਼ਹੂਰ ਹੋ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਇਸ ਨਾਬਾਲਗ ‘ਤੇ ਇਨਾਮ ਵੀ ਰੱਖਿਆ ਹੋਇਆ ਸੀ ਦੱਸ ਦੇਈਏ ਕਿ ਸਭ ਤੋਂ ਪਹਿਲਾਂ ਇਹ ਨੌਜਵਾਨ ਉਸ ਵੇਲੇ ਖ਼ਬਰਾਂ ‘ਚ ਛਾਇਆ ਸੀ ਜਦੋਂ ਇਹ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਖਿਡੌਣੇ ਵੇਚਦਾ ਸੀ। ਉਸ ਵੇਲੇ ਕਿਸੀ ਨੇ ਇਸਦੀ ਵੀਡੀਓ ਬਣਾ ਵਾਇਰਲ ਕਰ ਦਿੱਤੀ ਸੀ। ਹੋ ਸਕਦਾ ਹੈ ਕਿ ਮਸ਼ਹੂਰ ਹੋਣ ਲਈ ਨਾਬਾਲਗ ਨਿਹੰਗ ਵੱਲੋਂ ਅੰਮ੍ਰਿਤਸਰ ਗੋਲਡਨ ਗੇਟ ‘ਤੇ ਇਹ ਰੀਲ ਤਿਆਰ ਕੀਤੀ ਗਈ ਹੋਵੇ। ਜਿਸ ਵਿੱਚ ਉਹ ਗੋਲੀਬਾਰੀ ਕਰਦਾ ਨਜ਼ਰ ਆ ਰਿਹਾ ਸੀ ਪਰ ਜੋ ਵੀ ਹੋਵੇ ਨਾਬਾਲਗ ਦੀ ਇਸ ਕਾਰਵਾਈ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ, ਕਿਉਂਕਿ ਪਹਿਲਾਂ ਤੋਂ ਹੀ ਪੰਜਾਬ ਪੁਲਿਸ ਵੱਲੋਂ ਸੋਸ਼ਲ ਮੀਡੀਆ ਉੱਤੇ ਹੱਥਿਆਰਾਂ ਦੀ ਨੁਮਾਇਸ਼ ‘ਤੇ ਪੂਰਨ ਤੌਰ ‘ਤੇ ਪਾਬੰਦੀ ਲੱਗੀ ਹੋਈ ਹੈ। ਦੱਸਣਯੋਗ ਹੈ ਕਿ ਸੂਬੇ ਦਾ ਕੋਈ ਵੀ ਬਾਸ਼ਿੰਦਾ ਜੇਕਰ ਸੋਸ਼ਲ ਮੀਡੀਆ ‘ਤੇ ਕਿਸੀ ਤਰ੍ਹਾਂ ਵੀ ਹੱਥਿਆਰਾਂ-ਬੰਦੂਕਾਂ ਦੀ ਨੁਮਾਇਸ਼ ਕਰਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਂਦੀ ਹੈ।