ਨਵੀਂ ਦਿੱਲੀ (ਭਾਸ਼ਾ) – ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ.ਸੀ.) ਦੇ ਤਹਿਤ ਰਿਟਾਇਰਮੈਂਟ ਤੋਂ ਬਾਅਦ ਵੀ ਲਾਭ ਪਾਉਣ ਦੇ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ। ਇਸ ਨਾਲ ਰਿਟਾਇਰਮੈਂਟ ਤੋਂ ਪਹਿਲਾਂ ਤਨਖਾਹ ਕਾਰਨ ਘੇਰੇ ’ਚੋਂ ਬਾਹਰ ਜਾਣ ਵਾਲਿਆਂ ਨੂੰ ਵੀ ਲਾਭ ਮਿਲੇਗਾ ,ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ. ਸੀ.) ਨੇ ਸ਼ਨੀਵਾਰ ਨੂੰ ਨਿਯਮਾਂ ’ਚ ਢਿੱਲ ਦੇ ਨਾਲ ਰਿਟਾਇਰਡ ਇੰਸ਼ੋਰਡ ਵਿਅਕਤੀਆਂ ਨੂੰ ਮੈਡੀਕਲ ਲਾਭ ਦੇਣ ਦਾ ਫੈਸਲਾ ਕੀਤਾ। ਕਿਰਤ ਮੰਤਰਾਲਾ ਨੇ ਕਿਹਾ ਕਿ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਦੀ ਪ੍ਰਧਾਨਗੀ ਵਿਚ ਈ. ਐੱਸ. ਆਈ. ਸੀ. ਦੀ 193ਵੀਂ ਬੈਠਕ ਵਿਚ ਇਹ ਫੈਸਲਾ ਕੀਤਾ ਗਿਆ। ਇਸ ਵਿਚ ਕਿਹਾ ਗਿਆ ਕਿ ਈ. ਐੱਸ. ਆਈ.ਸੀ. ਨੇ ਉਨ੍ਹਾਂ ਇੰਸ਼ੋਰਡ ਰਿਟਾਇਰਡ ਕਾਮਿਆਂ ਨੂੰ ਮੈਡੀਕਲ ਲਾਭ ਮੁਹੱਈਆ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਤਨਖਾਹ ਲਿਮਟ ਤੋਂ ਵੱਧ ਹੋਣ ਕਾਰਨ ਈ. ਐੱਸ. ਆਈ. ਯੋਜਨਾ ਕਵਰੇਜ਼ ਤੋਂ ਬਾਹਰ ਹੋ ਗਏ ਹਨ, ਜੇ ਕਰਮਚਾਰੀ ਰਿਟਾਇਰਮੈਂਟ/ਸਵੈ ਇਛੁੱਕ ਰਿਟਾਇਰਮੈਂਟ ਤੋਂ ਪਹਿਲਾਂ ਘੱਟ ਤੋਂ ਘੱਟ 5 ਸਾਲ ਲਈ ਬੀਮਾ ਯੋਗ ਰੋਜ਼ਗਾਰ ਦੇ ਅਧੀਨ ਸੀ। ਉਹ ਵਿਅਕਤੀ ਜੋ 1 ਅਪ੍ਰੈਲ 2012 ਤੋਂ ਬਾਅਦ ਘੱਟ ਤੋਂ ਘੱਟ 5 ਸਾਲਾਂ ਤੱਕ ਬੀਮਾ ਯੋਗ ਰੋਜ਼ਗਾਰ ’ਚ ਸਨ ਅਤੇ 1 ਅਪ੍ਰੈਲ 2017 ਨੂੰ ਜਾਂ ਉਸ ਤੋਂ ਬਾਅਦ 30,000 ਰੁਪਏ ਪ੍ਰਤੀ ਮਹੀਨਾ ਤੱਕ ਤਨਖਾਹ ਨਾਲ ਰਿਟਾਇਰ/ਸਵੈ ਇਛੁੱਕ ਰਿਟਾਇਰ ਹੋਏ ਸਨ, ਉਨ੍ਹਾਂ ਨੂੰ ਨਵੀਂ ਯੋਜਨਾ ਦੇ ਤਹਿਤ ਲਾਭ ਮਿਲੇਗਾ।